ਨਾ ਸਿਰਫ਼ ਜ਼ਿੰਦਗੀ ਵਿਚ, ਉਹ ਤਾਂ ਮਰਨ ਵਿਚ ਵੀ ਸਾਦਗੀ ਦਾ ਪ੍ਰਤੱਖ ਰੂਪ ਦੇ ਕੇ ਗਏ। ਉਹਨਾਂ ਦੇ ਜੀਵਨ ਵਿਚ ਮੈਂ ਸਿੱਖੀ ਦਾ ਨਿਰੋਲ ਤੇ ਸਭ ਤੋਂ ਨਿਰਮਲ ਰੂਪ ਦੇਖਿਆ ਹੈ, ਬਿਨ੍ਹਾਂ ਕਿਸੇ ਵਹਿਮ ਭਰਮ ਤੇ ਕਰਮ ਕਾਂਡਾਂ ਤੋਂ, ਗੁਰਬਾਣੀ ਨੂੰ ਹਮੇਸ਼ਾਂ ਸਮਝ ਕੇ ਪੜ੍ਹਨ ਵਾਲੇ।
ਆਪਣੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਹ ਆਪਣੀਆਂ ਇੱਛਾਵਾਂ ਲਿਖ ਕੇ ਦੇ ਗਏ ਸਨ।
' ਸਸਕਾਰ ਤੇ ਸਿਰਫ਼ ਆਪਣੇ ਪਰਿਵਾਰ ਤੇ ਓਹਨਾਂ ਦੇ ਸਕੇ ਭਰਾ ਦੇ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਨਾ ਬੁਲਾਇਆ ਜਾਵੇ, ਇਹ ਕੋਈ ਰਸਮ ਨਾ ਬਣਾਈ ਜਾਵੇ। ਫੁੱਲ ਚੁਗਣ ਦੀ ਕੋਈ ਰਸਮ ਨਹੀਂ ਹੁੰਦੀ, ਬਲਕਿ ਸਾਰਾ ਅੰਗੀਠਾ ਸੰਭਾਲ ਕੇ ਸਭ ਤੋਂ ਨੇੜੇ ਵਾਲੇ ਵਗਦੇ ਪਾਣੀ ਵਿਚ ਵਹਾ ਦਿੱਤੀਆਂ ਜਾਣ। ਅੰਤਿਮ ਅਰਦਾਸ ਵਾਲੇ ਦਿਨ ਓਹਨਾਂ ਦੀ ਕੋਈ ਤਸਵੀਰ ਗੁਰੂਦਵਾਰੇ ਵਿਚ ਨਾ ਰੱਖੀ ਜਾਵੇ। ਅਖੰਡ ਪਾਠ ਨਾ ਰੱਖਿਆ ਜਾਵੇ, ਸਗੋਂ ਸਹਿਜ ਪਾਠ ਵੀ ਨਹੀਂ - ਕਿਉਂਕਿ ਓਹਨਾਂ ਨੂੰ ਪਤਾ ਸੀ ਕਿ ਪਾਠ ਓਹੀ ਜਿਹੜਾ ਆਪ ਪੜ੍ਹ ਕੇ ਤੇ ਸਮਝ ਕੇ ਕੀਤਾ ਜਾਵੇ। '
ਅਜਿਹੀਆਂ ਗੱਲਾਂ ਦੇ ਧਾਰਨੀ , ਸਿਰਫ਼ ਆਪਣੀ ਜ਼ਿੰਦਗੀ ਹੀ ਨਹੀਂ, ਆਪਣੇ ਮਰਨ ਵਿਚ ਵੀ ਸਭ ਗੱਲਾਂ ਪੁਗਾ ਕੇ ਗਏ।
ਓਹਨਾਂ ਦੀ ਦੌਲਤ, ਜਿਹੜੀ ਓਹਨਾਂ ਆਪਣੀ ਜ਼ਿੰਦਗੀ ਵਿੱਚ ਕਮਾਈ, ਉਹ ਅਸੀਂ ਹੁਣ ਤੱਕ ਕਈ ਤਰ੍ਹਾਂ ਨਾਲ ਪ੍ਰਾਪਤ ਕਰ ਰਹੇ ਹਾਂ। ਜਿੱਥੇ ਜਿੱਥੇ ਓਹਨਾਂ ਦੀਆਂ ਰਚਨਾਵਾਂ ਛਪਦੀਆਂ ਸਨ, ਉਥੋਂ ਦੇ ਸੰਪਾਦਕਾਂ ਵਲੋਂ, ਤੇ ਓਹਨਾਂ ਦੇ ਪਾਠਕਾਂ ਵੱਲੋਂ ਜੋ ਸ਼ਾਨਦਾਰ ਸ਼ਰਧਾਂਜਲੀਆਂ ਮਿਲੀਆਂ ਓਹਨਾਂ ਸਭ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ।
ਮੈਂ ਉਹ ਸ਼ਬਦ ਤੇ ਸ਼ਰਧਾਂਜਲੀਆਂ ਆਪਣੀ ਮਾਂ ਦੀ ਪ੍ਰੋਫਾਈਲ ( Parambir Kaur ) ਤੋਂ ਸਾਂਝੀਆਂ ਕਰਨੀਆਂ ਚਾਹਾਂਗੀ ਤੇ ਜਲਦ ਹੀ ਕਰਾਂਗੀ। ਓਹ ਆਪਣੇ ਪਿੱਛੇ ਇਕ ਸ਼ਬਦਾਂ ਦਾ ਹਾਰਿਆ ਭਰਿਆ ਸੰਸਾਰ ਛੱਡ ਗਏ ਨੇ। ਓਹਨਾਂ ਸ਼ਬਦਾਂ ਦਾ ਜੀਵਨ ਭਰਪੂਰ ਤੇ ਸਕਾਰਾਤਮਕ ਹੋਣਾ ਹੀ ਸਭ ਕੁਛ ਹੈ। ਸਾਦਾ ਜੀਵਨ ਜਾਚ ਤੇ ਸਾਦਾ ਹੀ ਇਸ ਦੁਨੀਆਂ ਤੋਂ ਚਲੇ ਜਾਣਾ ਵੀ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ।
~ ਅੰਮ੍ਰਿਤਬੀਰ ਕੌਰ
No comments:
Post a Comment